ਰੋਗ ਦੀ ਪਛਾਣ |Getting a diagnosis for Alzheimer's disease
ਅਲਜ਼ਾਈਮਰ ਦੀ ਬੀਮਾਰੀ ਦਿਮਾਗ ਵਿੱਚ ਨਿਘਾਰ ਲਿਆਉਣ ਵਾਲੀ ਬੀਮਾਰੀ ਹੈ। ਜੇ ਤੁਸੀਂ ਇਨ੍ਹਾਂ ਵਿੱਚੋਂ ਕੋਈ ਲੱਛਣ ਦੇਖੋ, ਤਾਂ ਆਪਣੇ ਡਾਕਟਰ ਕੋਲ ਜਾਣਾ ਮਹੱਤਵਪੂਰਨ ਹੈ। Alzheimer's disease is a brain disease. If you notice any symptoms, it is important to see your doctor to diagnose and identify the cause.
ਅਲਜ਼ਾਈਮਰ ਦੀ ਬੀਮਾਰੀ ਦਿਮਾਗ ਵਿੱਚ ਨਿਘਾਰ ਲਿਆਉਣ ਵਾਲੀ ਬੀਮਾਰੀ ਹੈ। ਲੱਛਣਾਂ ਵਿੱਚ ਸ਼ਾਮਲ ਹਨ: ਚੇਤੇ ਦਾ ਘੱਟਣਾ, ਫੈਸਲੇ ਅਤੇ ਤਰਕ ਕਰਨ ਦੀ ਸਮਰੱਥਾ ਘੱਟਣਾ; ਰੋਜ਼ਾਨਾ ਕੰਮਕਾਜ ਕਰਨ ਵਿੱਚ ਮੁਸ਼ਕਿਲ ਆਉਣਾ; ਅਤੇ ਸੰਚਾਰ ਕਰਨ ਦੀਆਂ ਸਮਰੱਥਾਂਵਾਂ, ਰੌਂਅ (ਮੂਡ) ਅਤੇ ਵਤੀਰੇ ਵਿੱਚ ਤਬਦੀਲੀਆਂ ਆਉਣਾ।
ਜੇ ਤੁਸੀਂ ਇਨ੍ਹਾਂ ਵਿੱਚੋਂ ਕੋਈ ਲੱਛਣ ਦੇਖੋ, ਤਾਂ ਆਪਣੇ ਡਾਕਟਰ ਕੋਲ ਜਾਣਾ ਮਹੱਤਵਪੂਰਨ ਹੈ।
ਇਸ ਬਾਰੇ ਕਿਉਂ ਜਾਣੀਏ?
ਅਲਜ਼ਾਈਮਰ ਦੀ ਬੀਮਾਰੀ ਦੇ ਲੱਛਣ ਉਦਾਸੀ ਰੋਗ (ਡਿਪ੍ਰੈਸ਼ਨ), ਥਾਈਰੌਇਡ ਜਾਂ ਦਿਲ ਦੀ ਬੀਮਾਰੀ, ਇਨਫੈਕਸ਼ਨਾਂ, ਇਕ ਤੋਂ ਵੱਧ ਦਵਾਈਆਂ ਦੇ ਇਕ ਦੂਸਰੇ ਨਾਲ ਮਿਲਕੇ ਹੋਏ ਪ੍ਰਤੀਕਰਮ ਜਾਂ ਸ਼ਰਾਬ ਦੀ ਦੁਰਵਰਤੋਂ ਵਰਗੀਆਂ ਹੋਰ ਸਥਿਤੀਆਂ ਵਰਗੇ ਹੋ ਸਕਦੇ ਹਨ।
ਲੱਛਣਾਂ ਦੇ ਕਾਰਨਾਂ ਦਾ ਪਤਾ ਲਾਉਣਾ ਮਦਦ ਕਰ ਸਕਦਾ ਹੈ:
- ਲੱਛਣਾਂ ਦੇ ਕਾਰਨਾਂ ਨੂੰ ਸਮਝਣਾ
- ਢੁਕਵੀਂ ਦੇਖਭਾਲ, ਇਲਾਜ ਅਤੇ ਸਹਾਇਤਾ ਲੈਣਾਂ
- ਭਵਿੱਖ ਦੀ ਯੋਜਨਾ ਬਣਾਉਣਾ
ਜਿੰਨੀ ਛੇਤੀ ਇਲਾਜ ਸ਼ੁਰੂ ਹੋਵੇਗਾ ਉਨੇ ਹੀ ਬਿਹਤਰ ਨਤੀਜੇ ਹੋਣਗੇ।
ਰੋਗ ਦੀ ਪਛਾਣ
ਕੋਈ ਇਕ ਟੈੱਸਟ ਇਹ ਨਹੀਂ ਦਸ ਸਕਦਾ ਕਿ ਵਿਅਕਤੀ ਨੂੰ ਅਲਜ਼ਾਈਮਰ ਦੀ ਬੀਮਾਰੀ ਹੈ। ਰੋਗ ਦੀ ਪਛਾਣ ਇਕ ਵਿਧੀਪੂਰਬਕ ਢੰਗ ਨਾਲ ਕੀਤੀ ਜਾਂਦੀ ਹੈ, ਜੋ ਹੋਰ ਸੰਭਵ ਕਾਰਨਾਂ ਨੂੰ ਨਕਾਰਦੀ ਹੈ। ਜਿੰਨਾ ਚਿਰ ਤੱਕ ਪੱਕਾ ਟੈੱਸਟ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਡਾਕਟਰ “ਅਲਜ਼ਾਈਮਰ ਦੀ ਬੀਮਾਰੀ ਹੋਣ ਦਾ ਅਨੁਮਾਨ” ਵਰਗੇ ਸ਼ਬਦਾਂ ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਹਨ।
ਰੋਗ ਦੀ ਪਛਾਣ ਕਰਨ ਵਿੱਚ ਸਮਾਂ ਲੱਗ ਸਕਦਾ ਹੈ। ਰੋਗ ਦੀ ਪਛਾਣ ਪਰਿਵਾਰ ਦੇ ਡਾਕਟਰ ਜਾਂ ਕਿਸੇ ਸਪੈਸ਼ਲਿਸਟ ਵੱਲੋਂ ਕੀਤੀ ਜਾ ਸਕਦੀ ਹੈ। ਰੋਗ ਦੀ ਪਛਾਣ ਕਰਨ ਲਈ ਡਾਕਟਰ ਤੁਹਾਨੂੰ ਹੋਰ ਸਿਹਤ ਮਾਹਰਾਂ ਕੋਲ ਵੀ ਭੇਜ ਸਕਦਾ ਹੈ ਜਾਂ ਨਹੀਂ ਵੀ ਭੇਜ ਸਕਦਾ। ਇਹਨਾਂ ਸਿਹਤ ਮਾਹਰਾਂ ਵਿੱਚ ਸ਼ਾਮਲ ਹਨ: ਮਨੋਵਿਗਿਆਨੀ (ਸਾਈਕੌਲੌਜਿਸਟ), ਮਾਨਸਿਕ ਰੋਗਾਂ ਦਾ ਮਾਹਰ (ਸਾਈਕਿਐਟਿ੍ਰਸਟ), ਨਿਓਰੌਲੌਜਿਸਟ, ਜੈਰੀਐਟਰੀਸ਼ਨ, ਨਰਸ, ਸੋਸ਼ਲ ਵਰਕਰ, ਜਾਂ ਆਕੂਪੇਸ਼ਨਲ ਥੈਰੇਪਿਸਟ। ਉਹ ਤੁਹਾਡੀ ਯਾਦਦਾਸ਼ਤ, ਤਰਕ ਨਾਲ ਸੋਚਣ ਦੀ ਸਮਰੱਥਾ, ਬੋਲਣ ਅਤੇ ਫੈਸਲੇ ਕਰਨ ਦੀ ਸਮਰੱਥਾ ਨਾਲ ਸੰਬੰਧਿਤ ਸਮੱਸਿਆਵਾਂ ਅਤੇ ਇਹਨਾਂ ਵੱਲੋਂ ਰੋਜ਼ਾਨਾ ਦੇ ਕਾਰਜਾਂ ‘ਤੇ ਪੈਂਦੇ ਅਸਰਾਂ ਵੱਲ ਧਿਆਨ ਦੇਣਗੇ।
ਰੋਗ ਦੀ ਪਛਾਣ ਕਰਨ ਦੇ ਅਮਲ ਵਿੱਚ ਸ਼ਾਮਲ ਹੈ:
ਮੈਡੀਕਲ ਇਤਿਹਾਸ
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਦੇ ਸਦੱਸਾਂ ਜਾਂ ਦੋਸਤਾਂ ਨੂੰ ਤੁਹਾਡੇ ਮੌਜੂਦਾ ਅਤੇ ਪਿਛਲੇ ਸਮੇਂ ਦੇ ਲੱਛਣਾਂ ਬਾਰੇ ਸਵਾਲ ਪੁੱਛੇ ਜਾਣਗੇ। ਪਿਛਲੀਆਂ ਬੀਮਾਰੀਆਂ ਅਤੇ ਪਰਿਵਾਰ ਦੇ ਮੈਡੀਕਲ ਅਤੇ ਮਾਨਿਸਕ ਰੋਗਾਂ ਨਾਲ ਸੰਬੰਧਿਤ ਇਤਿਹਾਸ ਬਾਰੇ ਸਵਾਲ ਪੁੱਛੇ ਜਾਣਗੇ।
ਦਿਮਾਗੀ ਸਥਿਤੀ ਦੀ ਜਾਂਚ
ਅਮਲ ਦਾ ਇਹ ਹਿੱਸਾ ਤੁਹਾਡੀ ਸਮੇਂ ਅਤੇ ਥਾਂ ਬਾਰੇ ਸੋਝੀ ਦਾ ਟੈੱਸਟ ਕਰਨ ਦੇ ਨਾਲ ਨਾਲ ਯਾਦ ਰੱਖਣ, ਸਵੈ-ਪ੍ਰਗਟਾਵੇ ਅਤੇ ਸਰਲ ਹਿਸਾਬ ਕਿਤਾਬ ਕਰ ਸਕਣ ਦੀ ਤੁਹਾਡੀ ਸਮਰੱਥਾ ਨੂੰ ਵੀ ਟੈੱਸਟ ਕਰਦਾ ਹੈ। ਇਸ ਵਿੱਚ ਇਸ ਤਰ੍ਹਾਂ ਦੇ ਅਭਿਆਸ (ਐਕਸਰਸਾਈਜ਼ਾਂ) ਸ਼ਾਮਲ ਹੋ ਸਕਦੇ ਹਨ: ਸ਼ਬਦਾਂ ਅਤੇ ਵਸਤਾਂ ਦੇ ਨਾਂਵਾਂ ਨੂੰ ਯਾਦ ਕਰਨਾ, ਚਿੱਤਰ ਵਾਹੁਣੇ ਅਤੇ ਸ਼ਬਦਜੋੜ ਲਿਖਣੇ, ਅਤੇ “ਇਹ ਕਿਹੜਾ ਸਾਲ ਹੈ” ਵਰਗੇ ਸਵਾਲ।
ਸਰੀਰਕ ਜਾਂਚ
ਦੂਜੇ ਕਾਰਨਾਂ ਨੂੰ ਨਕਾਰਨ ਲਈ ਸਰੀਰਕ ਜਾਂਚ ਕੀਤੀ ਜਾਵੇਗੀ। ਡਾਕਟਰ ਦਿਲ, ਫੇਫੜਿਆਂ, ਜਿਗਰ, ਗੁਰਦੇ ਜਾਂ ਥਾਈਰੌਇਡ ਨਾਲ ਸੰਬੰਧਿਤ ਸਮੱਸਿਆਵਾਂ ਦੀ ਜਾਂਚ ਕਰੇਗਾ, ਜਿਹੜੀਆਂ ਸਮੱਸਿਆਵਾਂ ਲੱਛਣਾਂ ਦਾ ਕਾਰਨ ਹੋ ਸਕਦੀਆਂ ਹਨ। ਇਹ ਮੁੱਲਾਂਕਣ ਕਰਨ ਲਈ ਕਿ ਇਹ ਲੱਛਣ ਕਿਤੇ ਨਸ-ਪ੍ਰਬੰਧ (ਨਰਵਸ ਸਿਸਟਮ) ਕਾਰਨ ਤਾਂ ਨਹੀਂ ਪੈਦਾ ਹੋ ਰਹੇ, ਡਾਕਟਰ ਪੱਠਿਆਂ ਦੀ ਕੱਸ ਅਤੇ ਮਜ਼ਬੂਤੀ, ਤਾਲਮੇਲ ਕਰਨ ਦੀ ਸਮਰੱਥਾ, ਅੱਖਾਂ ਦੀ ਹਰਕਤ, ਬੋਲਣ ਦੀ ਸ਼ਕਤੀ (ਸਪੀਚ) ਅਤੇ ਗਿਆਨ ਇੰਦਰੀਆਂ ਦੀ ਸਮਰੱਥਾ ਨੂੰ ਦੇਖੇਗਾ।
ਲੈਬਾਰਟਰੀ ਦੇ ਟੈੱਸਟ
ਅਨੀਮੀਆ (ਰੱਤ ਹੀਣਤਾ), ਡਾਇਬੀਟੀਜ਼, ਥਾਈਰੌਇਡ ਦੀਆਂ ਸਮੱਸਿਆਵਾਂ ਜਾਂ ਇਨਫੈਕਸ਼ਨ ਦਾ ਪਤਾ ਕਰਨ ਲਈ ਖੂਨ ਦੇ ਵਿਸਤਿ੍ਰਤ ਟੈੱਸਟ ਕੀਤੇ ਜਾਣਗੇ ਕਿਉਂਕਿ ਇਹ ਸਮੱਸਿਆਵਾਂ ਲੱਛਣਾਂ ਦਾ ਕਾਰਨ ਹੋ ਸਕਦੀਆਂ ਹਨ।
ਸਮੱਸਿਆ ਦੀ ਜੜ੍ਹ ਦਾ ਪਤਾ ਲਾਉਣ ਲਈ ਐਕਸ-ਰੇਅ ਅਤੇ ਈ ਸੀ ਜੀ (ਇਲੈਕਟ੍ਰੋਇਨਸੈਫਲੋਗ੍ਰਾਮ) ਵਰਗੇ ਟੈੱਸਟ ਵੀ ਕੀਤੇ ਜਾ ਸਕਦੇ ਹਨ। ਕੁੱਝ ਮੈਡੀਕਲ ਸੈਂਟਰਾਂ ਵਿੱਚ ਸਕੈਨ ਵੀ ਵਰਤੇ ਜਾ ਸਕਦੇ ਹਨ।
ਹੇਠ ਲਿਖਿਆਂ ਦੀ ਸਿਫਾਰਿਸ਼ ਕੀਤੀ ਜਾ ਸਕਦੀ ਹੈ, ਪਰ ਰੋਗ ਦੀ ਪਛਾਣ ਕਰਨ ਲਈ ਇਹਨਾਂ ਦੀ ਹਮੇਸ਼ਾਂ ਲੋੜ ਨਹੀਂ ਹੁੰਦੀ:
- ਸੀ ਟੀ (ਕੰਪਿਊਟਰਾਈਜ਼ਡ ਟੋਮੋਗ੍ਰਾਫੀ) ਸਕੈਨ ਅਤੇ ਐੱਮ ਆਰ ਆਈ (ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ) ਦਿਮਾਗ ਦੀਆਂ ਤਸਵੀਰਾਂ ਲੈਂਦੇ ਹਨ।
- ਐੱਸ ਪੀ ਈ ਸੀ ਟੀ (ਸਿੰਗਲ ਪ੍ਰੋਟੋਨ ਇਮੀਸ਼ਨ ਕੰਪਿਊਟਡ ਟੋਮੋਗ੍ਰਾਫੀ) ਇਹ ਦਿਖਾਉਂਦੀ ਹੈ ਕਿ ਖੂਨ ਦਿਮਾਗ ਵਿੱਚ ਕਿਸ ਤਰ੍ਹਾਂ ਸੰਚਾਰ ਕਰ ਰਿਹਾ ਹੈ।
- ਪੀ ਈ ਟੀ (ਪੌਜੈਟਿਵ ਇਲੈਕਟ੍ਰੌਨ ਟੋਮੋਗ੍ਰਾਫੀ) ਦਿਖਾਉਂਦੀ ਹੈ ਕਿ ਪੜ੍ਹਨ ਅਤੇ ਗੱਲ ਕਰਨ ਵਰਗੀਆਂ ਖਾਸ ਸਰਗਰਮੀਆਂ ਦੌਰਾਨ ਦਿਮਾਗ ਦੇ ਵੱਖ ਵੱਖ ਹਿੱਸੇ ਕਿਸ ਤਰ੍ਹਾਂ ਦਾ ਪ੍ਰਤੀਕਰਮ ਕਰਦੇ ਹਨ, ਪਰ ਆਮ ਤੌਰ ‘ਤੇ ਇਹ ਸਕੈਨ 45 ਮਿੰਟਾਂ ਦੇ ਆਰਾਮ ਤੋਂ ਬਾਅਦ ਕੀਤਾ ਜਾਂਦਾ ਹੈ।
ਸਾਈਕਿਐਟਰਿਕ ਅਤੇ ਸਾਈਕੌਲੌਜੀਕਲ ਜਾਂਚਾਂ
ਅਲਜ਼ਾਈਮਰ ਦੀ ਬੀਮਾਰੀ ਵਰਗੇ ਲੱਛਣ ਪੈਦਾ ਕਰ ਸਕਣ ਵਾਲੇ ਉਦਾਸੀ ਰੋਗ (ਡਿਪ੍ਰੈਸ਼ਨ) ਵਰਗੀਆਂ ਹੋਰ ਬੀਮਾਰੀਆਂ ਦੀ ਹੋਂਦ ਨੂੰ ਨਕਾਰਨ ਲਈ ਸਾਈਕਿਐਟਰਿਕ (ਦਿਮਾਗ ਦੇ ਰੋਗਾਂ ਦੇ ਮਾਹਰ ਤੋਂ) ਜਾਂਚ ਮਦਦ ਕਰ ਸਕਦੀ ਹੈ। ਨਿਉਰੋ-ਸਾਈਕੌਲੌਜੀਕਲ ਟੈੱਸਟ ਯਾਦਦਾਸ਼ਤ, ਤਰਕ ਨਾਲ ਸੋਚਣ ਦੀ ਸਮਰੱਥਾ ਅਤੇ ਲਿਖਣ ਦੀ ਸਮਰੱਥਾ ਦੀ ਜਾਂਚ ਕਰ ਸਕਦੇ ਹਨ।
ਜਾਂਚ ਲਈ ਤਿਆਰੀ
ਅਪੁਆਇੰਟਮੈਂਟ ਵਾਲੇ ਦਿਨ ਹੇਠ ਲਿਖੀ ਜਾਣਕਾਰੀ ਲਿਖ ਲਓ ਅਤੇ ਆਪਣੇ ਨਾਲ ਲੈ ਕੇ ਆਉ।
ਜਿਹਨਾਂ ਬਾਰੇ ਤੁਹਾਨੂੰ ਪੁੱਛਿਆ ਜਾਵੇਗਾ:
- ਕਿਹੜੇ ਲੱਛਣ ਦੇਖੇ ਗਏ ਹਨ?
- ਉਹ ਪਹਿਲੀ ਵਾਰ ਕਦੋਂ ਦਿਖਾਈ ਦਿੱਤੇ?
- ਸਮਾਂ ਪਾ ਕੇ ਲੱਛਣਾਂ ਵਿੱਚ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਹੋਈਆਂ ਹਨ?
- ਵਿਅਕਤੀ ਵਿੱਚ ਹੋਰ ਕਿਹੜੀਆਂ ਮੈਡੀਕਲ ਸਥਿਤੀਆਂ/ਬੀਮਾਰੀਆਂ ਮੌਜੂਦ ਹਨ?
- ਇਸ ਵੇਲੇ ਕਿਹੜੀਆਂ ਦਵਾਈਆਂ (ਡਾਕਟਰ ਦੀ ਪਰਚੀ ਨਾਲ ਮਿਲਣ ਵਾਲੀਆਂ ਦਵਾਈਆਂ ਅਤੇ ਬਿਨਾਂ ਪਰਚੀ ਤੋਂ ਮਿਲਣ ਵਾਲੀਆਂ ਦਵਾਈਆਂ ਸਮੇਤ) ਲਈਆਂ ਜਾ ਰਹੀਆਂ ਹਨ?
- ਜੜੀ-ਬੂਟੀਆਂ ਦੀਆਂ ਕਿਹੜੀਆਂ ਦਵਾਈਆਂ ਅਤੇ/ਜਾਂ ਖੁਰਾਕ ਨਾਲ ਸੰਬੰਧਿਤ ਕਿਹੜੇ ਸਪਲੀਮੈਂਟ ਇਸ ਸਮੇਂ ਲਏ ਜਾ ਰਹੇ ਹਨ?
- ਕੀ ਪਰਿਵਾਰ ਵਿੱਚ ਅਲਜ਼ਾਈਮਰ ਦੀ ਬੀਮਾਰੀ ਜਾਂ ਦਿਮਾਗ ਦੇ ਰੋਗਾਂ ਦੀ ਬੀਮਾਰੀ ਹੋਣ ਦਾ ਇਤਿਹਾਸ ਹੈ?
ਜਿਹਨਾਂ ਬਾਰੇ ਤੁਸੀਂ ਪੁੱਛਣਾ ਚਾਹੋਗੇ:
- ਕਿਹੜੇ ਟੈੱਸਟ ਕੀਤੇ ਜਾਣਗੇ?
- ਟੈੱਸਟਾਂ ਵਿੱਚ ਕੀ ਸ਼ਾਮਲ ਹੈ?
- ਟੈੱਸਟਾਂ ਲਈ ਕਿੰਨਾ ਸਮਾਂ ਲੱਗੇਗਾ?
- ਨਤੀਜਿਆਂ ਬਾਰੇ ਜਾਣਨ ਲਈ ਕਿੰਨਾ ਸਮਾਂ ਲੱਗੇਗਾ?
- ਨਤੀਜਿਆਂ ਬਾਰੇ ਕਿਸ ਤਰ੍ਹਾਂ ਦੱਸਿਆ ਜਾਵੇਗਾ? ਇਸ ਵਿੱਚ ਕੌਣ ਸ਼ਾਮਲ ਹੋਵੇਗਾ?
“ਅਪੁਆਇੰਟਮੈਂਟਾਂ ਅਤੇ ਟੈੱਸਟਾਂ ਲਈ ਜਾਣ ਸਮੇਂ ਪਰਿਵਾਰ ਦੇ ਕਿਸੇ ਸਦੱਸ ਜਾਂ ਦੋਸਤ ਨੂੰ ਆਪਣੇ ਨਾਲ ਲੈ ਕੇ ਜਾਣਾ ਮਦਦਗਾਰ ਹੋ ਸਕਦਾ ਹੈ। ਇਸ ਬਾਰੇ ਸੋਚੋ ਕਿ ਤੁਸੀਂ ਕਿਸ ਨੂੰ ਨਾਲ ਜਾਣ ਲਈ ਕਹਿਣਾ ਪਸੰਦ ਕਰੋਗੇ ਅਤੇ ਉਹਨਾਂ ਨਾਲ ਗੱਲ ਕਰੋ ਕਿ ਉਹ ਕਿਸ ਤਰ੍ਹਾਂ ਮਦਦ ਕਰ ਸਕਦੇ ਹਨ।”
ਦੋਸਤਾਂ ਅਤੇ ਪਰਿਵਾਰ ਦੀ ਭੂਮਿਕਾ
ਜੇ ਤੁਸੀਂ ਪਰਿਵਾਰ ਦੇ ਸਦੱਸ ਜਾਂ ਦੋਸਤ ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਡਾਕਟਰ ਨੂੰ ਸਮੱਸਿਆ ਬਾਰੇ ਚੌਕਸ ਕਰਨ ਵਾਲੇ ਹੋਵੋ।
ਮਦਦ ਕਰਨ ਲਈ ਸੁਝਾਅ:
- ਜੇ ਵਿਅਕਤੀ ਚਾਹਵੇ ਤਾਂ ਉਸ ਲਈ ਅਪੁਆਇੰਟਮੈਂਟ ਬਣਾਉ।
- ਆਉਣ-ਜਾਣ ਵਿੱਚ ਸਹਾਇਤਾ ਕਰੋ।
- ਪਰਿਵਾਰ ਦੇ ਦੂਸਰੇ ਸਦੱਸਾਂ ਨੂੰ ਇਹ ਬ੍ਰੋਸ਼ਰ ਦਿਉ।
- ਅਪੁਆਇੰਟਮੈਂਟਾਂ ਅਤੇ ਟੈੱਸਟਾਂ ਸਮੇਂ ਵਿਅਕਤੀ ਨਾਲ ਜਾਣ ਦੀ ਪੇਸ਼ਕਸ਼ ਕਰੋ।
- ਪਹਿਲੀ ਅਪੁਆਇੰਟਮੈਂਟ ਲਈ ਜਾਣਕਾਰੀ ਤਿਆਰ ਕਰਨ ਵਿੱਚ ਮਦਦ ਕਰੋ।
- ਇਹ ਸਮਝੋ ਕਿ ਇਹ ਸਮਾਂ ਵਿਅਕਤੀ ਲਈ ਚਿੰਤਾ ਵਾਲਾ ਸਮਾਂ ਹੋ ਸਕਦਾ ਹੈ ਅਤੇ ਉਸ ਨੂੰ ਜਜ਼ਬਾਤੀ ਸਮਰਥਨ ਦਿਉ।
- ਧੀਰਜ ਰੱਖੋ; ਰੋਗ ਦੀ ਪਛਾਣ ਲਈ ਕਾਫੀ ਜ਼ਿਆਦਾ ਸਮਾਂ ਲੱਗ ਸਕਦਾ ਹੈ।
ਜੇ ਅਲਜ਼ਾਈਮਰ ਦੀ ਬੀਮਾਰੀ ਹੋਣ ਦੀ ਪਛਾਣ ਹੋ ਜਾਵੇ
ਤੁਸੀਂ ਅੱਗੇ ਦਿੱਤੇ ਸਵਾਲਾਂ ਬਾਰੇ ਪੁੱਛ ਸਕਦੇ ਹੋ:
- ਰੋਗ ਦੀ ਪਛਾਣ ਹੋਣ ਦਾ ਕੀ ਮਤਲਬ ਹੈ?
- ਸਮਾਂ ਬੀਤਣ ਨਾਲ ਕਿਸ ਚੀਜ਼ ਦੀ ਆਸ ਕੀਤੀ ਜਾ ਸਕਦੀ ਹੈ?
- ਮੌਜੂਦਾ ਸਮੇਂ ਅਤੇ ਭਵਿੱਖ ਵਿੱਚ ਕਿਸ ਤਰ੍ਹਾਂ ਦੇ ਇਲਾਜ ਦੀ ਲੋੜ ਹੋਵੇਗੀ ਅਤੇ ਕਿਸ ਤਰ੍ਹਾਂ ਦਾ ਇਲਾਜ ਉਪਲਬਧ ਹੈ?
- ਕਿਸ ਤਰ੍ਹਾਂ ਦੇ ਇਲਾਜ ਉਪਲਬਧ ਹਨ? ਉਨ੍ਹਾਂ ਦੇ ਕੀ ਖਤਰੇ ਅਤੇ ਫਾਇਦੇ ਹਨ?
- ਕਮਿਊਨਿਟੀ ਵਿੱਚ ਮਦਦ ਲਈ ਕਿਹੜੇ ਵਸੀਲੇ ਮੌਜੂਦ ਹਨ?
- ਕੀ ਦਵਾਈਆਂ ਦੇ ਕੋਈ ਟ੍ਰਾਇਲ ਹਨ ਜਿਹਨਾਂ ਵਿੱਚ ਸ਼ਾਮਲ ਹੋਇਆ ਜਾ ਸਕਦਾ ਹੈ?
- ਅਗਲੀ ਅਪੁਆਇੰਟਮੈਂਟ ਕਦੋਂ ਹੈ?